ਗੁਰੂਸਰ ਜੋਧਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਗੁਰੂਸਰ ਜੋਧਾ, ਮਲੋਟ-ਬੁਰਜ ਸਿਧਵਾਂ-ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕਬਰ ਵਾਲਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਹਿਲਾਂ ਇਸ ਪਿੰਡ ਦਾ ਨਾਂ ਮੁਸਲ ਡੇਰਾ ਸੀ। ਇਹ ਸਾਰਾ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਹੁਣ ਇੱਥੇ ਸਾਰੇ ਦੇ ਸਾਰੇ ਲੋਕ ਪਾਕਿਸਤਾਨ ਦੇ ‘ਰਾਏ ਜੰਗ’ ਪਿੰਡ ਦੇ ਹਨ। ਸਾਰੇ ਘਰ ਸੰਧੂ ਜੱਟ ਸਿੱਖਾਂ ਦੇ ਹਨ।
ਇਸ ਪਿੰਡ ਦੇ ਬਜ਼ੁਰਗਾਂ ਦੇ ਕਹਿਣ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਯੁੱਧ ਦੇ ਦੌਰਾਨ ਇੱਥੇ ਠਹਿਰੇ ਸਨ । ਇੱਕ ਮੁਸਲਮਾਨ ਮੁਹੰਮਦ ਸ਼ਮੀਰ ਜਿਸਦੇ ਘਰ ਕੋਈ ਬੱਚਾ ਪੈਦਾ ਨਹੀਂ ਸੀ ਹੁੰਦਾ, ਗੁਰੂ ਸਾਹਿਬ ਕੋਲ ਪੁੱਜਾ ਤੇ ਪੁੱਤਰ ਦੀ ਦਾਤ ਲਈ ਅਰਜ਼ੋਈ ਕੀਤੀ। ਗੁਰੂ ਜੀ ਨੇ ਉਸਨੂੰ ਕਿਹਾ ਕਿ ਉਸਦੇ ਘਰ ਪੁੱਤਰ ਹੋਵੇਗਾ ਅਤੇ ਉਸਦਾ ਨਾਂ ਉਹਨਾਂ ਨੇ ਜੋਧਾ ਰੱਖਣ ਲਈ ਕਿਹਾ। ਇੱਕ ਹੋਰ ਮੁਸਲਮਾਨ ਨੇ ਕਿਹਾ ਕਿ ਉਹਨਾਂ ਨੇ ਇੱਕ ਖੂਹ ਦੱਸ ਸਾਲ ਦੀ ਮੇਹਨਤ ਨਾਲ ਤਿਆਰ ਕੀਤਾ ਸੀ ਪਰ ਉਸਦਾ ਪਾਣੀ ਖਾਰਾ ਹੈ, ਗੁਰੂ ਜੀ ਨੂੰ ਉਸਦਾ ਪਾਣੀ ਮਿੱਠਾ ਕਰਨ ਲਈ ਕਿਹਾ। ਗੁਰੂ ਜੀ ਨੇ ਕਿਹਾ ਕਿ ਪਾਣੀ ਮਿੱਠਾ ਹੋ ਜਾਵੇਗਾ ਪਰ ਪਿੰਡ ਦਾ ਨਾਂ ਗੁਰੂਸਰ ਰੱਖਣਾ ਪਵੇਗਾ। ਉਸ ਦਿਨ ਤੋਂ ਖੂਹ ਦਾ ਪਾਣੀ ਵੀ ਮਿੱਠਾ ਹੋ ਗਿਆ। ਅਤੇ ਪਿੰਡ ਦਾ ਨਾਂ ‘ਗੁਰੂਸਰ ਜੋਧਾ’ ਪੈ ਗਿਆ ।
ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ ਅਤੇ ਨਾਲ ਹੀ ਸਰੋਵਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ