ਠੂਠਿਆਂ ਵਾਲੀ (ਭੈਣੀ ਖੁਰਦ) ਪਿੰਡ ਦਾ ਇਤਿਹਾਸ | Bhaini Khurd Village History

ਠੂਠਿਆਂ ਵਾਲੀ (ਭੈਣੀ ਖੁਰਦ)

ਠੂਠਿਆਂ ਵਾਲੀ (ਭੈਣੀ ਖੁਰਦ) ਪਿੰਡ ਦਾ ਇਤਿਹਾਸ | Bhaini Khurd Village History

ਸਥਿਤੀ :

ਤਹਿਸੀਲ ਮਾਨਸਾ ਦਾ ਪਿੰਡ ਠੂਠਿਆਂ ਵਾਲੀ ਭੈਣੀ ਖੁਰਦ ਮਾਨਸਾ ਤੋਂ 6 ਕਿਲੋਮੀਟਰ ਦੂਰ ਮਾਨਸਾ-ਬਠਿੰਡਾ ਸੜਕ ਤੇ ਸਥਿਤ ਹੈ।

ਇਤਿਹਾਸਕ ਪਿਛੋਕੜ :

ਢਾਈ ਸੌ ਸਾਲ ਪੁਰਾਣਾ ਪਿੰਡ ਠੂਠਿਆਂ ਵਾਲੀ ਨੂੰ ਪੀਰਕੋਟ ਤੋਂ ਆ ਕੇ ਸਿੱਧੂ ਗੋਤ ਦੇ ਬਾਬਾ ਸੰਗੂ ਨੇ ਬੰਨ੍ਹਿਆ। ਥੋੜ੍ਹੀ ਦੇਰ ਬਾਅਦ ਮੁਸਲਮਾਨ ਕਜ਼ਾਕਾਂ ਨੇ ਲੁੱਟ-ਖੋਹ ਉਪਰੰਤ ਇਸ ਪਿੰਡ ਨੂੰ ਉਜਾੜ ਦਿੱਤਾ । ਦੰਦ ਕਥਾ ਅਨੁਸਾਰ ਅੰਗਰੇਜ਼ ਇਕੱਲੇ ਸੰਗੂ ਨੂੰ ਬਿਨਾਂ ਕਿਸੇ ਹੋਰ ਵਸੀਲੇ ਵਾਲੇ ਦੇ ਅਸਰ ਰਸੂਖ ਵਾਲੇ ਵਿਅਕਤੀ ਦੇ ਇਹ ਪਿੰਡ ਬੰਨ੍ਹਣ ਦੀ ਆਗਿਆ ਨਹੀਂ ਦੇਂਦੇ ਸਨ। ਇਸ ਤੋਂ ਬਾਬਾ ਸੰਗ ਸੰਗਰੂਰ ਤੋਂ ਸਾਧੂ ਸਿੰਘ ਨਾਂ ਦਾ ਇੱਕ ਹੋਰ ਵਿਅਕਤੀ ਲੈ ਆਇਆ। ਜਿਸ ਤੋਂ ਇਸ ਪਿੰਡ ਬਨ੍ਹਣ ਦੀ ਆਗਿਆ ਮਿਲ ਗਈ।

ਇੱਕ ਕਥਨ ਅਨੁਸਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਂਦੇ ਹੋਏ ਜਦ ਪਿੰਡ ਭੈਣੀ ਬਾਘਾ ਰੁੱਕੇ ਤਾਂ ਪਿੰਡ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਪੁੱਛਿਆ ਜਾਂ ਲੰਗਰ ਪਾਣੀ ਨਹੀਂ ਛਕਾਇਆ ਤਾਂ ਗੁਰੂ ਸਾਹਿਬ ਨੇ ਕਿਹਾ ‘ਭੈਣੀ ਇੱਥੇ ਰਹਿਣੀ’। ਖੜਕਵਾਲ ਗੋਤ ਦੀ ਇੱਕ ਕੁੜੀ ਨੂੰ ਪਤਾ ਲੱਗਣ ਤੇ ਉਸਨੇ ਗੁਰੂ ਜੀ ਦੀ ਪੂਰੀ ਸੇਵਾ ਕੀਤੀ। ਗੁਰੂ ਜੀ ਨੇ ਉਸਨੂੰ ਆਸ਼ੀਰਵਾਦ ਦੇਣਾ ਚਾਹਿਆ ਤੇ ਉਸ ਲੜਕੀ ਨੇ ਉਨ੍ਹਾਂ ਨੂੰ ਪਿੰਡ ਭੈਣੀ ਬਾਘਾਂ ਬਾਰੇ ਕਹੇ ਹੋਏ ਬਚਨ ਯਾਦ ਕਰਵਾਏ। ਗੁਰੂ ਜੀ ਨੇ ਉਸ ਪਰਿਵਾਰ ਨੂੰ ਕਿੱਧਰੇ ਹੋਰ ਵੱਸਣ ਦੀ ਸਲਾਹ ਦਿੱਤੀ। ਉਸ ਕੁੜੀ ਦਾ ਪਰਿਵਾਰ ਭੈਣੀ ਬਾਘਾਂ ਤੋਂ ਇਸ ਪਿੰਡ ਵਿੱਚ ਆ ਗਏ ਤੇ ਇਸ ਦਾ ਨਾਂ ‘ਭੈਣੀ ਖੁਰਦ’ ਰੱਖਿਆ ਗਿਆ।

ਇਕ ਹੋਰ ਪ੍ਰਚੱਲਿਤ ਕਹਾਣੀ ਅਨੁਸਾਰ ਤਿੰਨ ਭਰਾ ਤਾਰਾ, ਗੁਰਦਿੱਤਾ, ਤੇ ਭਾਗਾ ਸਨ। ਪਹਿਲੇ ਦੋ ਤਾਂ ਵਿਆਹੇ ਤੇ ਬਾਲ ਬੱਚਿਆਂ ਵਾਲੇ ਸਨ ਪਰ ਭਾਗਾ ਸੰਤ ਸੁਭਾਅ ਸੀ। ਅਤੇ ਪੀਰਕੋਟ ਪਿੰਡ ਦੇ ਪੀਰ ਨਾਲ ਰਲ ਕੇ ਠੂਠਾ ਫੇਰਿਆ ਕਰਦਾ ਸੀ। ਇਸ ਤਰ੍ਹਾਂ ਆਪਣੀ ਭਗਤੀ ਵਿੱਚ ਪ੍ਰਸਿੱਧ ਹੋ ਗਿਆ। ਅੰਗਰੇਜ਼ਾਂ ਨੂੰ ਉਸਦੀ ਪ੍ਰਸਿੱਧੀ ਨਾ ਭਾਈ ਅਤੇ ਉਸਨੂੰ ਕੋਈ ਕਰਾਮਾਤ ਕਰਨ ਲਈ ਕਿਹਾ ਨਹੀਂ ਤਾਂ ਸਿਰ ਵੱਢ ਦੇਣ ਦਾ ਫੈਸਲਾ ਕੀਤਾ। ਇਸ ਤੇ ਉਸਨੇ ਅੰਗਰੇਜ਼ਾਂ ਦੀ ਘੋੜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਦੇ ਪੇਟ ਵਿੱਚ ਬਛੇਰਾ ਹੈ। ਅੰਗਰੇਜ਼ ਨੇ ਉਸੇ ਵੇਲੇ ਘੋੜੀ ਨੂੰ ਗੋਲੀ ਮਾਰ ਦਿੱਤੀ ਤੇ ਵੇਖਿਆ ਕਿ ਸਚਮੁੱਚ ਬਛੇਰਾ ਹੀ ਸੀ। ਇਸ ਤੇ ਭਾਗਾ ਨੂੰ ਬਿਨਾਂ ਰੋਕ ਤੋਂ ਠੂਠਾ ਫੇਰਨ ਦੀ ਆਗਿਆ ਮਿਲ ਗਈ। ਇਸ ਤਰ੍ਹਾਂ ਇਹ ਪਿੰਡ ‘ਠੂਠਿਆਂ ਵਾਲੀ’ ਕਰਕੇ ਪ੍ਰਸਿੱਧ ਹੋ ਗਿਆ। ਇਸ ਪੀਰ ਦੀ ਮਾਨਤਾ ਅੱਜ ਵੀ ਹੈ। ਇੱਥੇ ਔਲਾਦ ਲਈ ਸੁੱਖਾਂ-ਸੁੱਖੀਆਂ ਜਾਂਦੀਆਂ ਹਨ।

ਇਸ ਪਿੰਡ ਦਾ ਵਸਨੀਕ ਰਸਾਲਦਾਰ ਕਾਕਾ ਸਿੰਘ ਇੱਕ ਪ੍ਰਸਿੱਧ ਫੌਜੀ ਅਫਸਰ ਸੀ ਜੋ ਸਭ ਤੋਂ ਪਹਿਲਾਂ ਵਲੈਤ ਗਿਆ ਅਤੇ ਜਾਰਜ ਪੰਚਮ ਦੇ ਹਿੰਦੁਸਤਾਨ ਆਉਣ ਸਮੇਂ ਦਰਬਾਰ ਲਾਉਣ ਲਈ ਆਉਣ ਵੇਲੇ ਇਸ ਨੇ ਹੀ ਘੋੜੀ ਤੋਂ ਉਤਾਰਨ ਦਾ ਮਾਣ ਪ੍ਰਾਪਤ ਕੀਤਾ। ਉਸ ਸਮੇਂ ਕਾਕਾ ਸਿੰਘ ਨੂੰ ਸੋਨੇ ਦੀ ਕੀਮਤੀ ਵਰਦੀ ਬਤੌਰ ਇਨਾਜ ਵਜੋਂ ਦਿੱਤੀ ਗਈ। ਕਾਕਾ ਸਿੰਘ ਦੇ ਭਾਈ ਨੇ ਰਾਜਸਥਾਨ ਵਿੱਚ ਚੱਕ ਕਾਕਾ ਸਿੰਘ ਵੀ ਬੰਨੇ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!