ਧੱਲੇ ਕੇ
ਸਥਿਤੀ :
ਤਹਿਸੀਲ ਮੋਗਾ ਦਾ ਇਹ ਪਿੰਡ ਧੱਲੇ ਕੇ, ਮੋਗਾ – ਜੀਰਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਤਾਰਵੀਂ ਸਦੀ ਵਿੱਚ ਧੱਲਾ ਤੇ ਲੰਢਾ ਹਿੰਦੂ ਪਰਿਵਾਰ ਦੇ ਦੋ ਭਰਾ ਸਨ। ਦੋਹਾਂ ਨੇ ਆਪਣੇ ਆਪਣੇ ਨਾਂ ‘ਤੇ ਨਾਲੋ ਨਾਲ ਪਿੰਡ ਵਸਾਏ। ਧੱਲੇ ਕੇ ਦੇ ਨਾਲ ਲੰਢੇ ਕੇ ਜੁੜਵਾਂ ਪਿੰਡ ਹੈ। ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇਸ ਪਿੰਡ ‘ਤੇ ਜੌਹਲਾਂ ਦਾ ਕਬਜ਼ਾ ਹੋ ਗਿਆ ਅਤੇ ਉਹਨਾਂ ਨੇ ਇੱਥੇ ਇੱਕ ਕਿਲ੍ਹਾ ਬਣਵਾਇਆ। ਹੁਣ ਉਹ ਕਿਲ੍ਹਾ ਢੱਠ ਗਿਆ ਹੈ ਅਤੇ ਉਸ ਦੇ ਉੱਪਰ ਬਣੀ ਬਸਤੀ ਨੂੰ ‘ਕਿਲ੍ਹੇ ਵਾਲੀ ਬਸਤੀ’ ਕਹਿੰਦੇ ਹਨ।
ਜਿਸ ਸਮੇਂ ਇਸ ਪਿੰਡ ਵਿੱਚ ਕਿਲ੍ਹਾ ਬਣਿਆ ਉਸ ਸਮੇਂ ਜ਼ੁਲਮ ਦਾ ਟਾਕਰਾ ਕਰਨ ਲਈ ਸਿੰਘ ਥਾਂ ਥਾਂ ਆਪਣੀਆਂ ਛਾਉਣੀਆਂ ਪਾਈ ਬੈਠੇ ਸਨ। ਧੱਲੇ ਕੇ ਪਿੰਡ ਦੇ ਜੌਹਲਾਂ ਨੇ ਆਪਣੇ ਆਲੇ ਦੁਆਲੇ ਦੇ ਮੋਗੇ ਦੇ ਬਤਾਲੀ ਪਿੰਡ ਜੋ ਗਿੱਲਾਂ ਨਾਲ ਮਿਲੇ ਹੋਏ ਸਨ ਨਾਲ ਬੜੀ ਬਹਾਦਰੀ ਨਾਲ ਲੜਾਈ ਕੀਤੀ। ਇਸ ਲੜਾਈ ਦੀ ਕਮਾਨ ਸ. ਹਰਾ ਸਿੰਘ ਪਾਸ ਸੀ। ਇਸ ਲੜਾਈ ਵਿੱਚ ਮੁਸਲਮਾਨ ਮਰਾਸੀ ਵੀ ਘੋੜਿਆਂ ‘ਤੇ ਚੜ੍ਹ ਕੇ ਲੜੇ। ਸ. ਹਰਾ ਸਿੰਘ ਅਤੇ ਮਰਾਸੀ ਵੀ ਲੜਾਈ ਵਿੱਚ ਸ਼ਹੀਦ ਹੋ ਗਏ। ਇਸ ਤਰ੍ਹਾਂ ਇਹਨਾਂ ਮਰਾਸੀਆਂ ਨੂੰ ਪਿੰਡ ਵਾਲਿਆਂ ਨੇ ‘ਪੰਜ ਪੀਰਾਂ’ ਦਾ ਦਰਜਾ ਦਿੱਤਾ। ਪਿੰਡ ਦੇ ਬਾਹਰ ਜਿੱਥੇ ਸ. ਹਰਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਉੱਥੇ ਅਤੇ ਪੰਜ ਪੀਰਾਂ ਦੇ ਅਸਥਾਨ ‘ਤੇ ਚੇਤ ਦੀ ਚੋਥ ‘ਤੇ ਮੇਲਾ ਲੱਗਦਾ ਹੈ। ਲੋਕ ਸੁਖਾਂ ਸੁੱਖਦੇ ਹਨ ਤੇ ਪੂਰਦੇ ਹਨ। ਇਸੇ ਸ਼ਹੀਦੀ ਅਸਥਾਨ ਤੇ ਸਹੁੰ ਖਾ ਕੇ ਦੇਸ਼ ਭਗਤ ਵਿਅਕਤੀ ਜੈਤੋਂ ਦੇ ਮੋਰਚੇ ਵਿੱਚ ਗਏ ਅਤੇ ਕਈ ਤਸੀਹੇ ਝੱਲੇ।
ਪੌਣੇ ਦੋ ਸੌ ਸਾਲ ਪਹਿਲਾਂ ਪਿੰਡ ਧੱਲੇ ਕੇ ਦਾ ਸੰਬੰਧ ਰਿਆਸਤ ਕਪੂਰਥਲਾ ਨਾਲ ਵੀ ਰਿਹਾ ਹੈ। ਕੋਟ ਈਸੇ ਖਾਂ ਦਾ ਅਹਿਲਕਾਰ ਧੱਲ੍ਹੇ ਕੇ ਦੇ ਕਿਲ੍ਹੇ ਵਿੱਚ ਕਚਿਹਰੀ ਲਗਾਇਆ ਕਰਦਾ ਸੀ।
ਪਿੰਡ ਧੱਲੇ ਕੇ ਵਿੱਚ ਜੌਹਲਾਂ ਤੋਂ ਇਲਾਵਾ ਧਾਲੀਵਾਲ, ਸਿੱਧੂ, ਆਹਲੂਵਾਲੀਏ ਆਦਿ ਬਾਹਰੋਂ ਆ ਕੇ ਵੱਸੇ ਹਨ। ਤਕਰੀਬਨ 50 ਪ੍ਰਤੀਸ਼ਤ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਰਹਿ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ