ਪੰਡੋਰੀ ਨਿੱਝਰਾਂ
ਸਥਿਤੀ :
ਤਹਿਸੀਲ ਜਲੰਧਰ ਦਾ ਇਹ ਪਿੰਡ ਪੰਡੋਰੀ ਨਿੱਝਰਾਂ, ਭੋਗਪੁਰ – ਆਦਮਪੁਰ ਸੜਕ ਤੋਂ 15 ਕਿਲੋ ਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਖੁਰਦਪੁਰ ਤੋਂ 4 ਕਿਲੋ ਮੀਟਰ ਤੇ ਜਲੰਧਰ ਤੋਂ 20-22 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਸ ਪਿੰਡ ਨੂੰ ਅਕਬਰ ਬਾਦਸ਼ਾਹ ਦੇ ਦਰਬਾਰੀ ਪਹਿਲਵਾਨ ਫੱਤੇ ਨੇ ਵਸਾਇਆ। ਫੱਤੇ ਦਾ ਪਹਿਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਡੋਰੀ ਸੀ ਤੇ ਉਸਦਾ ਗੋਤ ਨਿੱਝਰ ਸੀ।
ਕਹਿੰਦੇ ਹਨ ਫੱਤੇ ਨੇ ਕਿਸੇ ਤਕੜੇ ਭਲਵਾਨ ਨੂੰ ਢਾਹਿਆਂ ਤਾਂ ਅਕਬਰ ਨੇ ਖੁਸ਼ ਹੋ ਕੇ ਉਸਨੂੰ ਬਾਰਾਂ ਪਿੰਡ ਦਿੱਤੇ। ਪਹਿਲਾਂ ਉਸਨੇ ਡੁਮੇਲੀ ਡੇਰਾ ਲਾਇਆ ਪਰ ਬਾਅਦ ਵਿੱਚ ਡੁਮੇਲੀ ਆਪਣੇ ਭਰਾ ਨੂੰ ਸੰਭਾਲ ਕੇ ਆਪ ਇੱਥੇ ਨਵਾਂ ਪਿੰਡ ਵਸਾਇਆ ਜਿਸ ਦਾ ਨਾਂ ‘ਪੰਡੋਰੀ ਨਿੱਝਰਾਂ’ ਮਸ਼ਹੂਰ ਹੋ ਗਿਆ।
ਬੱਬਰ ਅਕਾਲੀ ਲਹਿਰ ਦੇ ਚੜਾਅ ਸਮੇਂ ਇਸ ਪਿੰਡ ਦੇ 13 ਨੌਜਵਾਨਾਂ ਨੇ ਇਸ ਲਹਿਰ ਵਿੱਚ ਤਨ ਮਨ ਨਾਲ ਹਿੱਸਾ ਲਿਆ। ਬੱਬਰ ਸ਼ਹੀਦ ਮੈਮੋਰੀਅਲ ਲਾਇਬਰੇਰੀ ਅੱਗੇ ਸਭ ਦੇ ਨਾਂ ਉਕਰੇ ਹੋਏ ਹਨ। 1921 ਵਿੱਚ ਨਨਕਾਣਾ ਸਾਹਿਬ ਸਾਕੇ ਵਿੱਚ ਜਥੇਦਾਰ ਲਛਮਣ ਸਿੰਘ ਦੇ ਜਥੇ ਵਿੱਚ ਇਸ ਪਿੰਡ ਦੇ ਸ. ਦੀਵਾਨ ਸਿੰਘ, ਸ. ਇੰਦਰ ਸਿੰਘ, ਸ. ਹਰੀ ਸਿੰਘ, ਸ. ਢੇਰਾ ਸਿੰਘ, ਤੇ ਸ. ਠਾਕਰ ਸਿੰਘ ਨੇ ਸ਼ਹੀਦੀਆਂ ਪਾਈਆਂ। ਗਦਰ ਲਹਿਰ ਵਿੱਚ ਸ੍ਰੀ ਮੇਹਰ ਚੰਦ ਨੇ ਦੋ ਸਾਲ ਤੇ ਸ੍ਰੀ ਲੱਖਾ ਸਿੰਘ ਨੇ ਇੱਕ ਸਾਲ ਮੁਲਤਾਨ ਜੇਲ੍ਹ ਵਿੱਚ ਕੈਦ ਕੱਟੀ। ਗੁਰੂ ਕੇ ਬਾਗ ਮੋਰਚੇ ਵਿੱਚ 21 ਅਗਸਤ 1922 ਨੂੰ ਅਤੇ ਜੈਤੋ ਦੇ ਮੋਰਚੇ ਵਿੱਚ ਕਈ ਪਿੰਡ ਵਾਸੀਆਂ ਨੇ ਕੈਦ ਕੱਟੀ।
ਪਿੰਡ ਵਿੱਚ ਗੁਰਦੁਆਰੇ ਤੋਂ ਇਲਾਵਾ, ਨਿਰਮਲੇ ਸਾਧੂਆਂ ਦਾ ਡੇਰਾ, ਜਿਸਨੂੰ ‘ਡੇਰਾ ਬੁੰਗੇ’ ਕਹਿੰਦੇ ਹਨ ਅਤੇ ਇੱਕ ਉਦਾਸੀਆਂ ਦਾ ਡੇਰਾ ਵੀ ਹੈ। ਉਦਾਸੀ ਸਾਧੂ ਹਿਕਮਤ ਵੀ ਕਰਦੇ ਹਨ। ਪਿੰਡ ਵਿੱਚ ਬੱਬਰ ਸ਼ਹੀਦੀ ਟੂਰਨਾਂਮੈਂਟ ਕਰਵਾਏ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ