ਬਜਵਾੜਾ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬਜਵਾੜਾ, ਹੁਸ਼ਿਆਰਪੁਰ – ਗੜ੍ਹਸ਼ੰਕਰ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਦੇ ਮਹੱਤਤਾ :
ਪਿੰਡ ਦੇ ਨਾਂ ਬਾਰੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਹ ਨਾਂ ‘ਬੈਜੂਬਾਵਰੇ’ ਤੋਂ ਪਿਆ ਜੋ ਇੱਕ ਪ੍ਰਸਿੱਧ ਗਾਇਕ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਉਹ ਗਜ਼ਨੀ ਤੋਂ ਪੰਜਾਬ ਆਇਆ ਸੀ ਅਤੇ ਸਥਾਨਕ ਲੋਕ ਇਹ ਕਹਿੰਦੇ ਹਨ ਕਿ ਉਹ ਪੰਡਤ ਦਾ ਲੜਕਾ ਸੀ ਅਤੇ ਸ਼ਾਸਤਰੀ ਸੰਗੀਤ ਦਾ ਮਾਹਰ ਸੀ।
ਇਸ ਸਥਾਨ ‘ਤੇ ਇੱਕ ਪੁਰਾਣਾ ਥੇਹ ਹੈ ਜਿਸ ਤੋਂ ਅਨੁਮਾਨ ਕੀਤਾ ਜਾਂਦਾ ਹੈ ਕਿ ਬਜਵਾੜਾ ਦੂਸਰੀ ਵਾਰ ਵੱਸਿਆ। ਇਹ ਇੱਕ ਬਹੁਤ ਪੁਰਾਣਾ ਨਗਰ ਦੱਸਿਆ ਜਾਂਦਾ ਹੈ। ਪ੍ਰਚਲਤ ਧਾਰਨਾਵਾਂ ਅਨੁਸਾਰ ਸ਼ੇਰ ਸ਼ਾਹ ਸੂਰੀ ਦੇ ਮਾਤਾ ਕਾਫਲੇ ਨਾਲ ਇੱਥੋਂ ਲੰਘੇ ਅਤੇ ਸ਼ੇਰ ਸ਼ਾਹ ਸੂਰੀ ਦਾ ਜਨਮ ਇਸ ਸਥਾਨ ‘ਤੇ ਹੋਇਆ। ਜਦ ਸ਼ੇਰ ਸ਼ਾਹ ਸੂਰੀ ਰਾਜਸੱਤਾ ਵਿੱਚ ਆਇਆ ਤਾਂ ਉਸਨੇ ਇਸ ਪਿੰਡ ਨੂੰ ਜਰਨੈਲੀ ਸੜਕ ਨਾਲ ਜੋੜਿਆ। ਕਿਹਾ ਜਾਂਦਾ ਹੈ ਕਿ ਅਕਬਰ ਦੇ ਵਜ਼ੀਰ ਰਾਜਾ ਟੋਡਰ ਮੱਲ ਦੇ ਨਾਨਕੇ ਇਸ ਪਿੰਡ ਵਿੱਚ ਸਨ ਅਤੇ ਇੱਕ ਵਾਰੀ ਜਦੋਂ ਉਹ ਇਸ ਪਿੰਡ ਵਿੱਚ ਆਏ ਤਾਂ ਲੋਕਾਂ ਨੇ ਉਹਨਾਂ ਦਾ ਯਥਾਯੋਗ ਸਨਮਾਨ ਨਾ ਕੀਤਾ ਜਿਸ ਕਾਰਣ ਇਹ ਕਸਬਾ ਜੋ 18 ਮੀਲ ਵਿੱਚ ਫੈਲਿਆ ਸੀ ਦੇ ਟੁੱਕੜੇ ਕਰ ਦਿੱਤੇ ਗਏ।
ਇੱਥੇ ਇੱਕ ਕਿਲ੍ਹਾ ਹੈ ਜੋ ਰਾਜਾ ਸ਼ੰਕਰ ਚੰਦ ਨੇ 1801 ਵਿੱਚ ਬਣਵਾਇਆ ਸੀ। ਸੰਨ 1825 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਕਰਕੇ ਇਹ ਇਲਾਕਾ ਆਪਣੇ ਨਾਲ ਜੋੜ ਲਿਆ। ਕਿਲ੍ਹੇ ਦੇ ਨਾਲ ਇੱਕ ਖੂਹ ਹੈ ਜੋ ਅੱਜ ਵੀ ਸਿੱਖਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਬਾਅਦ ਵਿੱਚ ਅੰਗਰੇਜ਼ਾਂ ਨੇ ਇਹ ਕਿਲ੍ਹਾ ਢਾਹ ਦਿੱਤਾ ਅਤੇ 1857 ਵਿੱਚ ਇਸ ਡਿੱਗੇ ਹੋਏ ਕਿਲ੍ਹੇ ਵਿੱਚ ਗਦਰੀ ਬਾਬਿਆਂ ਲਈ ਜ਼ੇਲ੍ਹ ਦਾ ਕੰਮ ਲਿਆ ਗਿਆ। ਇੱਥੇ ਇੱਕ ਸਰਬੰਗ ਸਾਹਿਬ ਦਾ ਮੰਦਰ ਹੈ ਜੋ ਇੱਕ ਮਹਾਰਪੁਰਸ਼ ਸਰਬੰਗ ਸਾਹਿਬ ਨਾਲ ਸੰਬੰਧਤ ਹੈ। ਬਸੰਤ ਪੰਚਮੀ ਤੇ ਇੱਥੇ ਭਾਰੀ ਇੱਕਠ ਹੁੰਦਾ ਹੈ। ਇੱਕ ਬਾਬਾ ਆਜ਼ਮ ਦਾ ਮਕਬਰਾ ਮੁਸਲਮਾਨਾਂ ਲਈ ਵਿਸ਼ੇਸ਼ ਮਹੱਤਤਾ ਦਾ ਸਥਾਨ ਹੈ। ਪਿੰਡ ਵਿੱਚ ਮੁੱਖ ਜਾਤਾਂ ਸੈਣੀ, ਭੱਲੇ, ਸੋਨੀ ਅਤੇ ਜੈਰਥ ਹਨ।