ਬਰਗਾੜੀ
ਸਥਿਤੀ :
ਤਹਿਸੀਲ ਜੈਤੋ ਦਾ ਪਿੰਡ ਬਰਗਾੜੀ, ਫਰੀਦਕੋਟ-ਬਾਜਾਖਾਨਾ-ਬਠਿੰਡਾ ਸੜਕ ’ਤੇ ਸਥਿਤ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕਾਫੀ ਪੁਰਾਣਾ ਹੈ ਪਰ ਇਸਦਾ ਨਾਂ ਕਈਆਂ ਮੁਤਾਬਕ ‘ਵਣਗਾੜੀ’ ਤੋਂ ਪਿਆ ਅਤੇ ਕਈਆਂ ਦੇ ਮੁਤਾਬਕ ‘ਬਾਰਾਂਗੜ੍ਹੀ’ ਤੋਂ ਪਿਆ। ਇਸ ਪਿੰਡ ਵਿੱਚ ਗੁਰੂ ਗੋਬਿੰਦ ਜੀ ਦੀ ਆਮਦ ਦੀ ਯਾਦ ਵਿੱਚ ਇੱਕ ਪਾਵਨ ਗੁਰਦੁਆਰਾ ਹੈ, ਜਿੱਥੇ ਇੱਕ ਸਰੋਵਰ ਵੀ ਬਣਾਇਆ ਗਿਆ ਹੈ। ਪਿੰਡ ਵਿੱਚ ਇੱਕ ਸ਼ਾਨਦਾਰ ਦੁਰਗਾ ਦਾ ਮੰਦਰ ਵੀ ਹੈ।
ਇਸ ਪਿੰਡ ਨੂੰ ਰੁਲੀਆ ਸਿੰਘ ਵਾਲੀ ਬਰਗਾੜੀ ਵੀ ਕਿਹਾ ਜਾਂਦਾ ਹੈ। ਉਹਨਾਂ ਨੂੰ ‘ਫਰੀਦਕੋਟ ਦੇ ਗਾਂਧੀ’ ਵੀ ਕਿਹਾ ਜਾਂਦਾ ਹੈ। ਅਜ਼ਾਦੀ ਦੀ ਲੜਾਈ ਵਿੱਚ ਕਾਮਰੇਡ ਰੁਲੀਆ ਸਿੰਘ ਨੇ ਜ਼ੇਲ੍ਹਾਂ ਕੱਟੀਆਂ ਅਤੇ ਕਈ ਸਮਾਜਕ ਕੁਰੀਤੀਆਂ ਵਿਰੁੱਧ ਝੂਜਦੇ ਰਹੇ। ਇਸ ਪਿੰਡ ਨੂੰ ਜੈਤੋ ਦੇ ਮੋਰਚੇ ਵੱਲ ਜਾਂਦੇ ਅਕਾਲੀ ਜੱਥਿਆਂ ਦਾ ਅੰਤਮ ਪੜਾਅ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਮਰਜੀਵੜੇ ਸਿੰਘਾਂ ਦੀ ਭਰਪੂਰ ਸੇਵਾ ਕੀਤੀ ਜਾਂਦੀ ਸੀ । ਪੰਡਿਤ ਨਹਿਰੂ ਅਤੇ ਡਾਕਟਰ ਕਿਚਲੂ ਇੱਥੋਂ ਤੱਕ ਹੀ ਜੱਥੇ ਨਾਲ ਗਏ ਜਦ ਨਾਭਾ ਰਿਆਸਤ ਦੀ ਹੱਦ ਵਿੱਚ ਦਾਖਲ ਹੁੰਦਿਆਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਈ ਪਿੰਡ ਵਾਸੀਆਂ ਨੇ ਜੈਤੋਂ, ਪਰਜਾ ਮੰਡਲ ਅਤੇ ਫੇਰੂ ਦੇ ਮੋਰਚਿਆਂ ਵਿੱਚ ਗ੍ਰਿਫਤਾਰੀਆਂ ਦਿੱਤੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ