ਭਗਤਾ ਭਾਈਕਾ
ਸਥਿਤੀ :
ਰਾਮਪੁਰਾ ਫੂਲ ਤੇ ਬਠਿੰਡਾ ਦੋਵਾਂ ਤੋਂ ਹੀ 35 ਕਿਲੋਮੀਟਰ ਦੇ ਕਰੀਬ ਦੂਰੀ ਤੇ ਬਰਨਾਲਾ- ਬਾਜਾਖਾਨਾ ਸੜਕ ਤੇ ਸਥਿਤ ਇਹ ਪਿੰਡ ਭਗਤਾ ਭਾਈਕਾ ਬਠਿੰਡਾ ਜ਼ਿਲੇ ਦੀ ਸਬ ਤਹਿਸੀਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਦਾ ਇਤਿਹਾਸ ਲਗਭਗ ਤਿੰਨ ਸਦੀਆਂ ਤੋਂ ਵੀ ਪੁਰਾਣਾ ਹੈ। ਇਸ ਪਿੰਡ ਨੂੰ ਭਾਈ ਬਹਿਲੋ ਦੇ ਪੋਤਰੇ ਭਾਈ ਭਗਤਾ ਨੇ ਵਸਾਇਆ ਸੀ। ਫਫੜੇ ਭਾਈਕੇ ਦਾ ਨਿਵਾਸੀ ਭਾਈ ਬਹਿਲੋ ਓਹਰੀ ਬੰਸ ਦਾ ਖਤਰੀ ਸੀ ਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ। ਭਾਈ ਭਗਤਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਸੀ। ਕਿਹਾ ਜਾਂਦਾ ਹੈ ਕਿ ਭਾਈ ਭਗਤਾ ਨੇ ਭੂਤ ਪਰੇਤ ਵੱਸ ਵਿੱਚ ਕੀਤੇ ਹੋਏ ਸਨ ਤੇ ਉਹਨਾਂ ਦੀ ਮੱਦਦ ਨਾਲ ਭਾਈ ਭਗਤਾ ਨੇ ਪਿੰਡ ਵਿੱਚ ਖੂਹ ਬਣਵਾਇਆ ਸੀ, ਇਸ ਖੂਹ ਨੂੰ ਭੂਤਾਂ ਵਾਲਾ ਖੂਹ ਕਿਹਾ ਜਾਂਦਾ ਹੈ ਜੋ ਅਜੇ ਵੀ ਮੌਜੂਦ ਹੈ। ਪਿੰਡ ਦੇ ਬਾਹਰਵਾਰ ਤਿੰਨ ਥੇਹ ਹਨ ਜਿੱਥੇ ਪਹਿਲੇ ਲੋਕ ਬਸਤੀਆਂ ਵਿੱਚ ਰਹਿੰਦੇ ਸਨ ਅਤੇ ਖੂਹ ਬਨਣ ਤੋਂ ਬਾਅਦ ਭਾਈ ਭਗਤੇ ਖੂਹ ਦੇ ਆਲੇ ਦੁਆਲੇ ਪਿੰਡ ਵੱਸ ਗਿਆ।
ਗੁਰੂ ਗੋਬਿੰਦ ਸਿੰਘ ਜੀ 1761 ਬਿ. ਵਿੱਚ ਇੱਥੇ ਆ ਕੇ ਦੋ ਦਿਨ ਠਹਿਰੇ ਜਦੋਂ ਭਾਈ ਭਗਤਾ ਸੁਰਗਵਾਸ ਹੋ ਚੁੱਕਾ ਸੀ । ਪਿੰਡ ਦੇ ਨਾਲ ਹੀ ਗੁਰਦੁਆਰਾ ਭਾਈਆਣਾ ਹੈ ਜਿੱਥੇ ਵਿਸਾਖੀ ਵਾਲੇ ਦਿਨ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ