ਭਾਈ ਰੂਪਾ
ਸਥਿਤੀ :
ਤਹਿਸੀਲ ਰਾਮਪੁਰਾ ਫੂਲ ਦਾ ਪਿੰਡ ਭਾਈ ਰੂਪਾ ਰਾਮਪੁਰਾ ਫੂਲ ਤੋਂ 19 ਕਿਲੋਮੀਟਰ ਦੂਰ ਰਾਮਪੁਰਾ-ਸਲਾਬਤਪੁਰਾ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭਾਈ ਰੂਪਾ,7 ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਸੇਵਕ ਸੀ ਜੋ ਕੋਲਾਨੀਆਂ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸਨੂੰ ਕੁੱਝ ਮੰਗਣ ਲਈ ਕਿਹਾ ਤੇ ਭਾਈ ਰੂਪਾ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਸਿੱਖ ਬਹੁਤ ਘੱਟ ਹਨ ਸਭ ਲੋਕ ਸੁਲਤਾਨ ਨੂੰ ਮੰਨਦੇ ਹਨ। ਗੁਰੂ ਸਾਹਿਬ ਨੇ ਕਮਾਨ ਵਿੱਚੋਂ ਇੱਕ ਤੀਰ ਛੱਡਿਆ ਤੇ ਜਿੱਥੇ ਉਹ ਡਿੱਗਾਂ ਉੱਥੇ ਲੱਕੜ ਦੀ ਇੱਕ ਮੋੜ੍ਹੀ ਗੱਡ ਦਿੱਤੀ। ਗੁਰੂ ਜੀ ਨੇ ਕਿਹਾ ਕਿ ਇੱਥੇ ਨਵਾਂ ਪਿੰਡ ਵੱਸ ਜਾਏਗਾ। ਉੱਥੇ ਬਾਅਦ ਵਿੱਚ ‘ਭਾਈਰੂਪਾ’ ਦੇ ਨਾਂ ਤੇ ਪਿੰਡ ਵੱਸ ਗਿਆ।
ਕਿਹਾ ਜਾਂਦਾ ਹੈ ਕਿ ਪਿੰਡ ਬਾਗੜੀਆਂ (ਸੰਗਰੂਰ) ਵਾਲੇ ਭਾਈਕੇ ਸਰਦਾਰਾਂ ਦਾ ਵਡੇਰਾ ਬਾਬਾ ਗੁੱਦੜ ਸਾਹਿਬ ਵੀ ਭਾਈ ਰੂਪ ਚੰਦ ਦੇ ਪੋਤੇ ਬਾਬਾ ਦਿਆਲ ਸਿੰਘ ਦੀ ਔਲਾਦ ਸੀ। ਬਾਗੜੀਆਂ ਤੋਂ ਇਲਾਵਾ ਦਿਆਲਪੁਰਾ ਭਾਈਕਾ, ਕਲਿਆਣ ਭਾਈਕਾ, ਠੱਠੀ ਭਾਈ, ਸਮਾਧ ਭਾਈ (ਫਰੀਦਕੋਟ), ਸਿਰੀਦੇਵਾਲਾ (ਬਠਿੰਡਾ), ਵਾੜਾ ਭਾਈ ਕਾ ਤੇ ਕਕਰਾਲਾ (ਪਟਿਆਲਾ) ਆਦਿ ਪਿੰਡ ਵੀ ਇਸ ਪਿੰਡ ਵਿੱਚੋਂ ਹੀ ਬੱਝੇ ਹਨ। ਸਾਰੇ ਭਾਈਕੇ ਪਿੰਡਾਂ ਵਿੱਚ ਇੱਕ ਗੱਲ ਸਾਂਝੀ ਸੀ ਕਿ ਗੁਰਦੁਆਰਿਆਂ ਦੇ ਲੰਗਰ ਲਈ 7 ਹਲ ਦੀ ਜ਼ਮੀਨ ਲਾਜ਼ਮੀ ਸਾਂਝੇ ਤੌਰ ਤੇ ਛੱਡੀ ਜਾਂਦੀ ਸੀ।
ਇਹ ਪਿੰਡ ਪਹਿਲਾਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ – ਕਾਂਗੜ ਪੱਤੀ ਤੇ ਸਾਂਝੀ ਪੱਤੀ। ਸਮੁੱਚੇ ਤੌਰ ‘ਤੇ ਪਿੰਡ ਦਾ ਪ੍ਰਬੰਧ ਨਾਭਾ ਰਿਆਸਤ ਦੇ ਅਧੀਨ ਸੀ ਪਰ ਸਾਂਝੀ ਪੱਤੀ ਤਿੰਨਾਂ ਰਿਆਸਤਾਂ ਦੀ ਸਾਂਝੀ ਸੀ ਭਾਵ ਇਸ ਦਾ ਮਾਮਲਾ ਤਿੰਨਾਂ ‘ਚ ਵੰਡਿਆ ਜਾਂਦਾ ਸੀ। ਪਿੰਡ ਦੇ ਬਾਹਰ ਬਾਬਾ ਲੋਧਾ ਦਾ ਛੱਪੜ ਹੈ ਜਿੱਥੇ ਨਹਾਉਣ ਨਾਲ ਫੋੜੇ, ਫਿਨਸੀਆਂ, ਕੋਹੜ ਵਗੈਰਾ ਦੂਰ ਹੋਣ ਦੀ ਮਾਨਤਾ ਹੈ।
ਇਹ ਪਿੰਡ ਹਰ ਤਰ੍ਹਾਂ ਦੀਆਂ ਸਿਆਸੀ ਲਹਿਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਇਸ ਪਿੰਡ ਦੇ ਮੁਖਤਿਆਰ ਸਿੰਘ, ਮੱਘਰ ਸਿੰਘ, ਜੱਗਰ ਸਿੰਘ ਤੇ ਗੁਰਦਿਆਲ ਸਿੰਘ ਅਜ਼ਾਦ ਹਿੰਦ ਫੋਜ਼ ਵਿੱਚ ਲੜਦੇ-ਲੜਦੇ ਸ਼ਹੀਦ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ