ਮਹਿਰਾਜ
ਸਥਿਤੀ :
ਮਹਿਰਾਜ, ਰਾਮਪੁਰਾ ਫੂਲ ਤੋਂ 6 ਕਿਲੋਮੀਟਰ ਦੱਖਣ ਵੱਲ ਅਤੇ ਬਠਿੰਡੇ ਤੋਂ ਉੱਤਰ ਵੱਲ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਾਲਵੇ ਦੇ ਧੁਰ ਅੰਦਰ, ਬਠਿੰਡੇ ਜ਼ਿਲ੍ਹੇ ਦੇ 22 ਪਿੰਡਾਂ ਨੂੰ (ਬਾਹੀਆ) ਕਿਹਾ ਜਾਂਦਾ ਹੈ। ਇਹ 22 ਪਿੰਡ ਮਹਿਰਾਜ ‘ਚੋਂ ਬੱਝੇ ਸਨ ਪਰ ਇਸ ਤੋਂ ਬਾਅਦ ਇਹਨਾਂ ‘ਚੋਂ 14 ਪਿੰਡ ਹੋਰ ਬੱਝੇ ਗਏ। ਇਸ ਲਈ ਮਹਿਰਾਜ ਦੇ ਪਿਛੋਕੜ ਦੀ ਜਾਣਕਾਰੀ ਦਾ ਅਰਥ ਇਹਨਾਂ 36 ਪਿੰਡਾਂ ਦੇ ਮੁੱਢ ਦੀ ਜਾਣਕਾਰੀ ਹੈ। ਮਹਿਰਾਜ ਅੱਜ ਤੋਂ ਲਗਭਗ ਸਵਾ ਤਿੰਨ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਇਹ ਪਿੰਡ ਪੰਜਾਬ ਵਿੱਚ ਵੱਸਦੇ ਸਿੱਧੂ ਗੋਤ ਦੇ ਲੋਕਾਂ ਦੇ ਵਡੇਰੇ ਮੋਹਣ ਦੇ ਪੁੱਤਰ ਕਾਲੇ ਨੇ ਵਸਾਇਆ। ਕਿਹਾ ਜਾਂਦਾ ਹੈ ਕਿ ਪਹਿਲਾਂ ਇੱਥੇ ‘ਮਾੜੀ’ ਨਾਂ ਦੇ ਸਥਾਨ ‘ਤੇ ਕੌੜੇ, ਭੁੱਲਰ ਵਸਦੇ ਸਨ ਜਿਨ੍ਹਾਂ ਨੇ ਕਾਲੇ ਵਲੋਂ ਇੱਥੇ ਪਿੰਡ ਵਸਾਉਣ ਦਾ ਵਿਰੋਧ ਕੀਤਾ। ਸਿੱਟੇ ਵਜੋਂ ਕਾਲੇ ਤੇ ਭੁੱਲਰਾਂ ਵਿਚਕਾਰ ਹੋਈ ਲੜਾਈ ਵਿੱਚ ਕਾਲੇ ਨੇ ਛੇਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਭੁੱਲਰਾਂ ਨੂੰ ਹਰਾ ਕੇ ਇਲਾਕੇ ਵਿੱਚੋਂ ਕੱਢ ਦਿੱਤਾ। ਮੋਹਣ ਵਲੋਂ ਮੱਲੀ ਗਈ ਇੱਕ ਲੱਖ ਏਕੜ ਦੇ ਕਰੀਬ ਜ਼ਮੀਨ ‘ਤੇ ਹੀ ਬਾਹੀਆ ਵਸਿਆ। ਪਿੰਡ ਦੇ ਨਾਂ ਬਾਰੇ ਕੁੱਝ ਲੋਕਾਂ ਤੇ ਇਤਿਹਾਸਕਾਰਾਂ ਦਾ ਕਥਨ ਹੈ ਕਿ ਕਾਲੇ ਨੇ ਪਿੰਡ ਦਾ ਨਾਂ ਆਪਣੇ ਵਡੇਰੇ ‘ਮਰ੍ਹਾਜ਼’ ਦੇ ਨਾਂ ਤੇ ਰੱਖਿਆ ਪਰ ਕੁੱਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਛੇਵੇਂ ਗੁਰੂ ਦੇ ਅਸ਼ੀਰਵਾਦ ਨਾਲ ਵੱਸੇ ਹੋਣ ਕਰਕੇ ਇਸ ਦਾ ਨਾ ਮਹਾਰਾਜ ਤੋਂ ਹੌਲੀ-ਹੌਲੀ ‘ਮਹਿਰਾਜ’ ਬਣਿਆ।
ਅੰਗਰੇਜ਼ੀ ਰਾਜ ਸਮੇਂ ਬਾਹੀਏ ਦੇ ਲੋਕਾਂ ਨੂੰ ਜ਼ਮੀਨ ਦਾ ਮਾਮਲਾ ਮੁਆਫ਼ ਸੀ। ਸਿੱਧੂਆਂ ਤੋਂ ਬਿਨਾਂ ਇੱਥੇ ਵਸਣ ਵਾਲੇ ਹੋਰ ਲੋਕਾਂ ਨੂੰ ‘ਮਾਰੂਸ’ ਕਿਹਾ ਜਾਂਦਾ ਸੀ ਤੇ ਉਹਨਾਂ ਤੋਂ ਜ਼ਮੀਨ ਦੀ ਵਟਾਈ ਲਈ ਜਾਂਦੀ ਸੀ।
ਜੈਤੋ ਦੇ ਮੋਰਚੇ ਵਿੱਚ ਇੱਥੋਂ ਦਾ ਸ. ਹਰੀ ਸਿੰਘ ਸ਼ਹੀਦ ਹੋਇਆ ਸੀ। ਮਲੇਰਕੋਟਲੇ ਨਜ਼ਦੀਕ ਤੋਪ ਨਾਲ ਉਡਾਏ ਗਏ ਕੂਕਿਆਂ ਵਿੱਚੋਂ ਸਭ ਤੋਂ ਛੋਟੀ ਉਮਰ ਤੇ ਛੋਟੇ ਕੱਦ ਦਾ ‘ਕੂਕਾ’ ਵਰਿਆਮ ਸਿੰਘ ਵੀ ਇਸੇ ਪਿੰਡ ਦਾ ਜੰਮਪਲ ਸੀ। ਮਹਿਰਾਜ ਤੋਂ ਕੁੱਝ ਦੂਰ ਗੁਰਦੁਆਰਾ ਗੁਰੂਸਰ ਮਹਿਰਾਜ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ