ਮੱਦੋਕੇ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਮੱਦੋਕੇ, ਮੋਗਾ-ਬਰਨਾਲਾ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੇਹਣਾ ਤੋਂ 8 ਕਿਲੋਮੀਟਰ ਅਤੇ ਜਗਰਾਉਂ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਮੱਦੋਕੇ ਪਿੰਡ ਕੋਈ ਸਾਢੇ ਤਿੰਨ ਸੌ ਸਾਲ ਪੁਰਾਣਾ ਹੈ। ਇਸ ਪਿੰਡ ਦੇ ਸੰਸਥਾਪਕ ਸੰਤ ਮਾਧੋ ਦਾਸ ਸਨ। ਇਸ ਜਗ੍ਹਾ ਤੇ ਪਹਿਲੇ ਇੱਕ ਘਣੀ ਤੇ ਸੰਘਣੀ ਝਿੜੀ ਸੀ ਜਿਸ ਵਿੱਚ ਸੰਤ ਜੀ ਤੱਪ ਕਰਿਆ ਕਰਦੇ ਸਨ । ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭਗਤ ਸਨ ਤੇ ਉਹਨਾਂ ਦੀ ਯਾਦ ਵਿੱਚ ਸਿਮਰਨ ਕਰਦੇ ਰਹਿੰਦੇ ਸਨ। ਉਹਨਾਂ ਕਰਕੇ ਇਸ ਪਿੰਡ ਦਾ ਨਾਂ ‘ਮਾਧੋਕੇ’ ਪੈ ਗਿਆ ਜੋ 1947 ਵਿੱਚ ਲਾਹੌਰ ਸ਼ਹਿਰ ਦੇ ਸਰਕਾਰੀ ਕਾਗਜ਼ਾਂ ਵਿੱਚ ਦਰਜ ਹੈ। ਬਾਅਦ ਵਿੱਚ ਮੱਦੋਕੇ ਮਸ਼ਹੂਰ ਹੋ ਗਿਆ।
ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਪਿੰਡ ਵਿੱਚ 18 ਸਾਉਣ 1688 ਬਿਕਰਮੀ ਵਿੱਚ ਆਏ। ਇਸ ਪਿੰਡ ਨੂੰ ਉਨੰਤ ਕਰਨ ਵਿੱਚ ਢੁਡੀਕੇ ਦੇ ਇੱਕ ਪਰਉਪਕਾਰੀ ਵਿਅਕਤੀ ਸ. ਧਰਮ ਸਿੰਘ ਦਾ ਵਿਸ਼ੇਸ਼ ਉਪਰਾਲਾ ਹੈ। ਮੱਦੋਕੇ ਦਾ ਇਤਿਹਾਸਕ ਸਰੋਵਰ ਪਹਿਲਾਂ ਕੱਚਾ ਸੀ ਅਤੇ ਛੇਵੇਂ ਪਾਤਸ਼ਾਹ ਦੀ ਯਾਦ ਵਿੱਚ ਕੇਵਲ ਇੱਕ ‘ਥੜ੍ਹਾ’ ਹੀ ਬਣਿਆ ਹੋਇਆ ਸੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਚੂਹੜ ਚੱਕ ਪਿੰਡ ਦੇ ਸ. ਸੁਹੇਲ ਸਿੰਘ ਨੇ ਪੱਕੇ ਤੌਰ ਤੇ ‘ਮੰਜੀ ਸਾਹਿਬ ਗੁਰੂ ਸਰ ਮੱਦੋਕੇ’ ਦੇ ਰੂਪ ਵਿੱਚ ਉਸਾਰ ਕੇ ਸੇਵਾ ਦਾ ਮੌਕਾ ਪ੍ਰਾਪਤ ਕੀਤਾ। ਇੱਥੋਂ ਦਾ ਸਰੋਵਰ 1926 ਵਿੱਚ ਤਿਆਰ ਹੋਇਆ ਸੀ ਜਿੱਥੇ ਮਾਘੀ ਸਮੇਂ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਸੀ, ਉਸ ਸਮੇਂ ਤੋਂ ਹੀ 16, 17, 18 ਸਾਉਣ ਵਾਲੇ ਵਾਰਸ਼ਿਕ ਸਮਾਗਮ ਦੀ ਸ਼ੁਰੂਆਤ ਵੀ ਹੋ ਗਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ