ਰੁਪਾਣਾ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਰੁਪਾਣਾ, ਮੁਕਤਸਰ – ਮਲੌਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੁਤਸਰ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ‘ਰੂਪਾ ਖਤਰੀ ਦੇ ਨਾਂ ਤੇ ਰੁਪਾਣਾ ਕਰ ਕੇ ਪ੍ਰਸਿੱਧ ਹੋਇਆ। ਇਹ ਚਾਰ ਭਰਾ ਸਨ, ਖਿਦਰਾਣਾ, ਰੁਪਾਣਾ, ਧਿਗਾਣਾ ਅਤੇ ਸੰਦਗਾਣਾ, ਇਹਨਾਂ ਚਾਰਾਂ ਦੇ ਨਾਂ ਤੇ ਪਿੰਡ ਬੱਝੇ ਸਨ। ਖਿਦਰਾਣਾ ਪਿੰਡ ਦਾ ਨਾਂ ਚਾਲੀ ਮੁਕਤਿਆਂ ਦੀ ਸ਼ਹੀਦੀ ਦੇ ਕਾਰਨ ‘ਮੁਕਤਸਰ’ ਪੈ ਗਿਆ।
ਗੁਰੂ ਗੋਬਿੰਦ ਸਿੰਘ ਜੀ ਇਸ ਪਿੰਡ ਵਿੱਚ ਆਏ ਤੇ ਰੂਪੇ ਨੇ ਮੁਗਲਾਂ ਤੋਂ ਡਰਦਿਆਂ ਉਹਨਾਂ ਨੂੰ ਰੋਕਿਆ ਕਿ ਤੁਸੀਂ ਇਸ ਪਿੰਡ ਨਾ ਆਓ ਕਿਉਂਕਿ ਮੁਗਲ ਫੌਜਾਂ ਜੋ ਆਪਦੇ ਪਿਛੇ ਆ ਰਹੀਆਂ ਹਨ ਉਹ ਮੇਰਾ ਪਿੰਡ ਉਜਾੜ ਦੇਣਗੀਆਂ। ਗੁਰੂ ਜੀ ਨੇ ਆਖਿਆ ਕਿ ਇਹ ਪਿੰਡ ਤੇ ਹਮੇਸ਼ਾਂ ਵਸਦਾ ਰਹੇਗਾ ਪਰ ਤੇਰਾ ਕੁੱਝ ਵੀ ਨਹੀਂ ਰਹੇਗਾ। ਸੋ ਰੂਪੇ ਦਾ ਅਜ ਇਸ ਪਿੰਡ ਵਿੱਚ ਕੁੱਝ ਵੀ ਨਹੀਂ ਹੈ ਤੇ ਨਾ ਹੀ ਉਸਦੀ ਕੋਈ ਔਲਾਦ ਹੈ।
ਇਸ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ‘ਗੁਰੂ ਸਰ’ ਹੈ ਜੋ ਪਾਣੀ ਦੇ ਛੱਪੜ ਦੇ ਵਿਚਕਾਰ ਹੈ। ਇਸ ਜਗ੍ਹਾ ਤੇ ਗੁਰੂ ਜੀ ਨੇ ਇੱਕ ਘੋਗੜ ਮਾਰਿਆ ਸੀ ਅਤੇ ਉਸਨੂੰ ਮੁਕਤ ਕੀਤਾ ਸੀ। ਇਸ ਬਾਰੇ ਜਦੋਂ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਘੋਗੜ ਪਿੰਡ ਦਾ ਸਰਦਾਰ ਸੀ ਅਤੇ ਇਸ ਨੇ ਪਿੰਡ ਦੀ ਕੰਵਾਰੀ ਕੰਨਿਆ ਦਾ ਸਤ ਭੰਗ ਕਰਨ ਦਾ ਇਰਾਦਾ ਕੀਤਾ ਤਾਂ ਉਸ ਕੰਨਿਆ ਨੇ ਇਸ ਨੂੰ ਘੋਗੜ ਬਨਣ ਦਾ ਸਰਾਪ ਦੇ ਦਿੱਤਾ ਤੇ ਇਸ ਨੇ ਇੱਕ ਸੌ ਜੂਨ ਘੋਗੜ ਦੇ ਰੂਪ ਵਿੱਚ ਭੁਗਤੀ ਹੈ ਅਤੇ ਹੁਣ 101 ਵੀਂ ਜੂਨ ਵਿੱਚ ਸੀ। ਗੁਰੂ ਜੀ ਨੇ ਉਸਦਾ ਜਨਮ-ਮਰਨ ਕੱਟਿਆ। ਇਸ ਜਗ੍ਹਾਂ ਤੋਂ ਗੁਰੂ ਸਾਹਿਬ ਭੂੰਦੜ ਚਲੇ ਗਏ।
ਪਿੰਡ ਵਿੱਚ ਸਾਰੇ ਗੋਤਾਂ ਦੇ ਲੋਕ ਹਨ, ਸਿੱਧੂ, ਸੰਧੂ, ਭੁੱਲਰ, ਖੈਰੇ, ਹੁੰਦਲ, ਖਲੋੜ, ਖੋਸੇ ਆਦਿ। ਆਕੜ ਜ਼ਿਲ੍ਹਾ ਪਟਿਆਲੇ ਤੋਂ ਕਈ ਵੈਰਾਗੀ ਆ ਕੇ ਇੱਥੇ ਵੱਸੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ