ਪੁਰਾਣੇ ਸਮਿਆਂ ਵਿਚ ਘੁਮਿਆਰਾਂ ਦਾ ਧੰਦਾ ਬੜਾ ਅਹਿਮ ਸੀ ਜਦ ਇਹ ਖੂਹ ਦੀਆਂ ਟਿੰਡਾਂ, ਘੜੇ, ਘੜੀਆਂ, ਸੁਰਾਹੀਆਂ, ਤੋੜੀਆਂ, ਚਾਟੀਆਂ, ਦੀਵੇ, ਕਾੜ੍ਹਨੇ (ਦੁੱਧ ਕਾੜ੍ਹਨ ਵਾਲੇ) ਕੁੱਜੇ, ਛਕਾਲੇ ਆਦਿ ਪੱਥ ਕੇ, ਭੱਠੀਆਂ ਵਿਚ ਪਕਾ ਕੇ ਪਿੰਡਾਂ ਵਿਚ ਗਧੇ ‘ਤੇ ਜਾਂ ਗੱਡੇ ਉੱਪਰ ਲੱਦਕੇ ਵੇਚਦਾ ਸੀ। ਇਨ੍ਹਾਂ ਭਾਂਡਿਆਂ ਬਦਲੇ ਅਨਾਜ ਦਿੱਤਾ ਜਾਂਦਾ ਸੀ ਅਤੇ ਪੈਸੇ ਘੱਟ। ਘਰ ਪੱਕੇ ਬਣਾਉਣ ਲਈ ਇਹ ਇੱਟਾਂ ਬਣਾ ਕੇ ਪਕਾਉਂਦਾ ਸੀ, ਜਿਸ ਬਦਲੇ ਇਸਨੂੰ ਚੰਗੀ ਚੋਖੀ ਉਜਰਤ ਮਿਲਦੀ ਸੀ। ਇਸਨੂੰ ਅੱਡ-ਅੱਡ ਖੇਤਰਾਂ ਵਿਚ ਅੱਡ-ਅੱਡ ਨਾਵਾਂ ਨਾਲ ਜਾਣਿਆਂ ਜਾਂਦਾ ਸੀ, ਜਿਵੇਂ ਘੁਮਾਰ, ਖੁਬਾਰ, ਕੁਭਾਰ ਜਾਂ ਕੁੰਭਕਾਰ। ਲਾਹੌਰ, ਲਾਇਲਪੁਰ, ਸ਼ੇਖੂਪੁਰਾ, ਸਿਆਲਕੋਟ ਆਦਿ ਅਤੇ ਹਿਸਾਰ ਵਿਚ ਇਹ ਕਿਸਾਨੀ ਦਾ ਧੰਦਾ ਕਰਦਾ ਸੀ। ਫੀਰੋਜ਼ਪੁਰ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਵਿਚ ਇਨ੍ਹਾਂ ਦੀ ਕਈ ਪਿੰਡਾਂ ਵਿਚ ਬਹੁਤ ਆਬਾਦੀ ਹੈ ਅਤੇ ਚੰਗੀਆਂ ਚੋਖੀਆਂ ਜ਼ਮੀਨਾਂ ਹਨ। ਸਿੰਧ ਦਰਿਆ ਦੇ ਨਿਚਲੇ ਖੇਤਰ ਵਿਚ ਘੁਮਿਆਰਾਂ ਦਾ ਧੰਦਾ ਜੱਟ ਵੀ ਕਰਦੇ ਸਨ । ਘੁਮਿਆਰ ਦੀ ਸਮਾਜਿਕ ਅਵਸਥਾ ਪੁਰਾਣੇ ਸਮਿਆਂ ਵਿਚ ਨੀਵੀਂ ਸਮਝੀ ਜਾਂਦੀ ਸੀ, ਲੋਹਾਰ ਤੋਂ ਥੱਲੇ। ਇਸਨੂੰ ਕੁਜ਼ੇਗਰ ਵੀ ਕਿਹਾ ਜਾਂਦਾ ਸੀ । ਮੁਸਲਮਾਨ ਘੁਮਿਆਰ ਮੁਰਦਿਆਂ ਲਈ ਕਬਰਾਂ ਵੀ ਪੁੱਟਦੇ ਸਨ । ਦੁਆਬੇ ਵਿਚ ਹਿੰਦੂ ਅਤੇ ਸਿੱਖ ਘੁਮਿਆਰ ਖੂਹ ਦਾ ਪਾੜ ਵੀ ਪੁੱਟਦੇ ਸਨ। ਪਿਸ਼ਾਵਰ ਅਤੇ ਅਟਕ ਦੇ ਜ਼ਿਲ੍ਹਿਆਂ ਵਿਚ ਇਸਨੂੰ ਕਲਾਲ, ਗੁੜਗਾਉਂ ਵਿਚ ਮੁਲਤਾਨੀ ਕਿਹਾ ਜਾਂਦਾ ਸੀ।
ਹਿੰਦੂ ਤੇ ਸਿੱਖ ਘੁਮਿਆਰਾਂ ਨੂੰ ਪਰਜਾਪਤ ਜਾਂ ਪਰਜਾਪਤਿ ਕਿਹਾ ਜਾਂਦਾ ਸੀ ਜਿਵੇਂ ਕਿ ਧਰਮ ਸ਼ਾਸਤਰਾਂ ਵਿਚ ਵਿਸ਼ਵਦੋ ਕਰਤਾ, ਧਰਤੀ ਲਈ ਵਸਤੂਆਂ ਬਣਾਉਣ ਵਾਲਾ ਵੀ ਕਿਹਾ ਜਾਂਦਾ ਸੀ । ਨਾਭੇ ਵਿਚ ਇਹ ਆਪਣਾ ਮੂਲ ਬ੍ਰਹਮਾਂ ਤੋਂ ਦੱਸਦੇ ਹਨ ਜਿਵੇਂ
ਰਾਮ ਜਾਤ ਕਾ ਰਾਂਗੜਾ, ਕਿਸ਼ਨ ਜਾਤ ਕਾ ਅਹੀਰ।
ਬ੍ਰਹਮਾ ਜਾਤ ਕੁਮਹਾਰ ਹੈ, ਸ਼ਿਵ ਕੀ ਜਾਤ ਫ਼ਕੀਰ।
ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ‘ਇਹ ਲੋਕ ਆਪਣੇ ਤਾਈਂ ਬ੍ਰਹਮਾ ਦੀ ਵੰਸ਼ ਆਖਦੇ ਅਤੇ ਪਰਜਾਪਤਿ ਸਦਾਉਂਦੇ ਹਨ। ਔਸ਼ਨਸੀ ਸਿਮ੍ਰਿਤੀ ਦੇ ਸ਼ਲੋਕ 32 ਵਿਚ ਲਿਖਿਆ ਹੈ ਕਿ ਵੈਸ਼ਯ ਦੀ ਕੰਨਯਾਂ ਤੋਂ ਬ੍ਰਾਹਮਣ ਦਾ ਪੁੱਤਰ ਕੁੰਭਕਾਰ ਹੈ।”
ਇਕ ਮਿਥਿਹਾਸਕ ਕਥਾ ਅਨੁਸਾਰ ਬ੍ਰਹਮਾ ਨੇ ਆਪਣੇ ਪੁੱਤਰਾਂ ਨੂੰ ਕੁਝ ਗੰਨੇ ਦਿੱਤੇ; ਬਾਕੀਆਂ ਨੇ ਤੇ ਚੂਪ ਲਏ ਪਰ ਇਕ ਪੁੱਤਰ ਕੁਮਹਾਰ ਨੇ ਗੰਨੇ ਨੂੰ ਪਾਣੀ ਭਰੇ ਘੜੇ ਵਿਚ ਰੱਖ ਦਿੱਤਾ, ਜਿਸ ਦੀਆਂ ਘੜੇ ਵਿਚ ਜੜ੍ਹਾਂ ਲੱਗ ਗਈਆਂ। ਜਦ ਬ੍ਰਹਮਾ ਨੇ ਕੁਝ ਦਿਨਾਂ ਪਿਛੋਂ ਗੰਨੇ ਬਾਰੇ ਪੁੱਛਿਆ, ਤਾਂ ਉਨ੍ਹਾਂ ਵਿਚੋਂ ਕੇਵਲ ਕੁਮਹਾਰ ਪਾਸ ਹੀ ਗੰਨਾ ਸੀ। ਕੁਮਹਾਰ ਨੇ ਬ੍ਰਹਮਾ ਨੂੰ ਗੰਨਾ ਦਿੱਤਾ ਤੇ ਉਦੋਂ ਤੋਂ ਉਸਨੂੰ ਪਰਜਾਪਤਿ ਕਿਹਾ ਜਾਣ ਲੱਗ ਪਿਆ।
ਘੁਮਿਆਰਾਂ ਦਾ ਵਡੇਰਾ ਭਗਤ ਕੁਬਾ ਨੂੰ ਮੰਨਿਆ ਜਾਂਦਾ ਹੈ । ਗੁੜਗਾਉਂ ਵਿਚ ਕਿਹਾ ਜਾਂਦਾ ਹੈ ਕਿ ਇਸ ਦੀਆਂ ਦੋ ਪਤਨੀਆਂ ਸਨ; ਪਹਿਲੀ ਘਰੋਂ ਚਲੀ ਗਈ ਤੇ ਉਸਦੇ ਪੁੱਤਰਾਂ ਨੂੰ ਗੋਲਾ ਕਿਹਾ ਗਿਆ; ਦੂਸਰੀ ਦੇ ਪੁੱਤਰਾਂ ਨੂੰ ਮਹਿਰ ਮਹਾਰ ਕਿਹਾ ਗਿਆ। ਮਹਾਰ ਲੋਕਾਂ ਨਾਲੋਂ ਗੋਲੇ ਘਟੀਆ ਸਮਝੇ ਜਾਂਦੇ ਹਨ। ਜਿਸ ਚੱਕਰ ਤੇ ਘੁਮਿਆਰ ਭਾਂਡੇ ਪੱਥਦਾ ਹੈ ਉਸਨੂੰ ‘ਚਕ’ ਕਿਹਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਹਿੰਦੂ ਵਿਆਹ-ਸ਼ਾਦੀ ਵੇਲੇ ਘੁਮਿਆਰਾਂ ਦੇ ਘਰ ਜਾਂਦੇ ਸਨ ਤੇ ਚਕ ਦੀ ਬ੍ਰਹਮਾ ਵਜੋਂ ਪੂਜਾ ਕਰਦੇ ਸਨ।
ਲਾਹੌਰੀ ਘੁਮਿਆਰ ਕਿਹਾ ਕਰਦੇ ਸਨ ਕਿ ਮਹਿਰ ਤੇ ਘੁਮਹਾਰ ਦੇ ਵਡੇਰੇ ਦੇ ਚਾਰ ਪੁੱਤਰ ਸਨ। ਇਕ ਨੂੰ ਮਿੱਟੀ ਛਾਣਨ ਦਾ ਕੰਮ ਦਿੱਤਾ ਇਸ ਕਰਕੇ ਉਸਨੂੰ ਸੰਗਰੋਹਾ (ਛਾਣਨ ਵਾਲਾ) ਕਿਹਾ ਗਿਆ; ਦੂਸਰੇ ਨੂੰ ਚੱਕਰ ਤੇ ਕਿੱਲ ਦਿੱਤਾ ਤੇ ਉਸਨੂੰ ਕਿੱਲੀਆ ਕਿਹਾ ਗਿਆ; ਤੀਸਰੇ ਨੇ ਗਿੱਲੀ ਮਿੱਟੀ ਨੂੰ ਸ਼ਕਲ ਦਿੱਤੀ ਤੇ ਨੋਕ ਬਣਾਈ ਗਈ ਜਿਸ ਕਰਕੇ ਉਸਨੂੰ ਨੋਕ ਕਿਹਾ ਗਿਆ; ਚੌਥੇ ਨੇ ਬਣੇ ਹੋਏ ਭਾਂਡਿਆਂ ਨੂੰ ਸੁਕਾਇਆ ਜਿਸ ਕਰਕੇ ਸੋਖਲ ਕਿਹਾ ਗਿਆ। ਹੁਣ ਇਹ ਘੁਮਿਆਰਾਂ ਦੇ ਚਾਰ ਗੋਤ ਹਨ।
ਘੁਮਿਆਰਾਂ ਦਾ ਇਕ ਵੱਡਾ ਗੋਤ ਡੋਲ ਹੈ। ਮੁਲਤਾਨ ਵਿਚ ਇਨ੍ਹਾਂ ਦੀਆਂ ਇਸਤੀਆਂ ਨੱਕ ਵਿਚ ਨੱਥ ਪਾਉਂਦੀਆਂ। ਸਨ। ਗੁਰਦਾਸਪੁਰ ਵਿਚ ਘੁਮਿਆਰ ਇਕ ਰਾਜਪੂਤ ਰਾਜੇ ਸੈਨਪਾਲ ਦੇ ਉੱਤਰਾਧਿਕਾਰੀ ਦੱਸੀਦੇ ਹਨ ਜਿਸਦੇ 7 ਪੁੱਤਰ ਸਨ:
- ਘੁੰਮਣ 2. ਓਝਾ 3. ਤਤਲਾ 4. ਮੱਛਾਨਾ 5. ਕਾਹਲੋਂ (ਜਿਹੜਾ ਕਿਸਾਨੀ ਕਰਨ ਲੱਗ ਪਿਆ ਤੇ ਜੱਟ ਬਣ ਗਿਆ) 6. ਹਲਝਲ 7. ਟਕ
ਸਿਰਸੇ ਦੇ ਘੁਮਿਆਰ ਦੋ ਸ਼੍ਰੇਣੀਆਂ (ੳ) ਜੋਧਪੁਰੀਆ (ਜੋਧਪੁਰ ਤੋਂ ਆਏ ਹੋਏ) (ਅ) ਬੀਕਾਨੇਰੀ ਜਾਂ ਦੇਸੀ, ਜਿਹੜੇ ਬੀਕਾਨੇਰ ਤੋਂ ਆਏ ਤੇ ਆਪਣੀਆਂ ਵਸਤੂਆਂ ਨੂੰ ਸੁਕਾਉਣ ਲਈ ਭੱਠੇ (ਪਜਾਵਾ) ਵਰਤਦੇ ਹਨ, ਆਮ ਕਰਕੇ ਕਿਸਾਨੀ ਕਰਦੇ ਹਨ ਅਤੇ ਘੁਮਿਆਰ ਦੇ ਕੰਮ ਤੋਂ ਘਿਰਣਾ ਕਰਦੇ ਹਨ। ਹਿਸਾਰ ਵਿਚ ਘੁਮਿਆਰ, ਜਾਟਾਂ ਨਾਲ ਹੁੱਕਾ ਪੀ ਲੈਂਦੇ ਅਤੇ ਇਕੱਠੇ ਰੋਟੀ ਖਾ ਲੈਂਦੇ ਸਨ।
ਅੰਮ੍ਰਿਤਸਰ ਦੇ ਘੁਮਿਆਰ ਲੁਕਮਾਨ ਨੂੰ ਵਡੇਰਾ ਆਖਦੇ ਹਨ। ਅੱਜ ਦੇ ਪੰਜਾਬ ਵਿਚ ਘੁਮਿਆਰ ਹਿੰਦੂ ਵੀ ਹਨ ਤੇ ਸਿੱਖ ਵੀ। ਸਿੱਖ ਘੁਮਿਆਰ ਸਿੱਖ ਧਰਮ ਦੀਆਂ ਰਹੁ-ਰੀਤਾਂ ਦੇ ਧਾਰਨੀ ਹਨ। ਹਿੰਦੂ ਆਪਣੇ ਹਿੰਦੂ ਧਰਮ ਵਿਚ ਪਕਿਆਈ ਰਖਦੇ ਹਨ। ਘੁਮਿਆਰਾਂ ਵਿਚ ਹੁਣ ਬਹੁਤ ਪੜ੍ਹੇ-ਲਿਖੇ ਲੋਕ ਹਨ, ਕਈ ਅਫ਼ਸਰ ਹਨ ਤੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗੇ ਰਹੇ ਹਨ। ਇਕ ਡੀ.ਜੀ.ਪੀ. (ਡਾਇਰੈਕਟਰ ਜਨਰਲ ਪੁਲਿਸ) ਰੀਟਾਇਰ ਹੋਇਆ ਹੈ। ਪਿੰਡਾਂ ਵਿਚ ਪੰਚ, ਸਰਪੰਚ ਹਨ ਅਤੇ ਇਨ੍ਹਾਂ ਦੀ ਸਮਾਜਿਕ ਅਵਸਥਾ ਠੀਕ ਹੈ। ਕਈ ਕਾਰਖਾਨੇਦਾਰ ਵੀ ਹਨ। ਅਬੋਹਰ ਲਾਗੇ ਬਹੁਤ ਪਿੰਡ ਹਨ ਜਿੱਥੇ ਜ਼ਿਮੀਂਦਾਰਾਂ ਦਾ ਧੰਦਾ ਕਰਦੇ ਹਨ ਅਤੇ ਤਕੜੇ ਜ਼ਿਮੀਂਦਾਰ ਹਨ। ਅਬੋਹਰ ਦੇ ਨੇੜੇ ਇਕ ਪਿੰਡ ਦਾ ਜ਼ਿਮੀਂਦਾਰ ਚੌਧਰੀ ਸੱਤਯ ਦੇਵ 1969 ਦੇ ਅਕਾਲੀ ਮੰਤਰੀ ਮੰਡਲ ਵਿਚ ਮੰਤਰੀ ਵੀ ਰਿਹਾ ਹੈ।
ਘੁਮਿਆਰਾਂ ਦਾ ਭਾਂਡੇ ਪੱਥਣ ਦਾ ਕੰਮ ਹੁਣ ਬਹੁਤ ਘਟ ਗਿਆ ਹੈ, ਜਿਸ ਕਰਕੇ ਉਨ੍ਹਾਂ ਨੇ ਹਲਵਾਈ, ਤੇ ਹੋਰ ਮਿੱਠੇਪਦਾਰਥਾਂ ਸੰਬੰਧੀ (Confectionary) ਕਈ ਕੰਮ ਵੀ ਖੋਲ੍ਹ ਲਏ ਹਨ। ਕਪੜੇ, ਮੁਨਿਆਰੀ, ਦਰਜ਼ੀ ਆਦਿ ਦੀਆਂ ਦੁਕਾਨਾਂਖੋਲ੍ਹੀਆਂ ਹੋਈਆਂ ਹਨ। ਕਈ ਛੋਟੇ ਕਾਰਖਾਨੇਦਾਰ ਅਤੇ ਠੇਕੇਦਾਰ ਹਨ। ਅਨੇਕਾਂ ਹੋਰ ਧੰਦੇ ਅਪਣਾ ਲਏ ਹਨ। ਸ਼ਹਿਰਾਂ ਵਿਚ ਫੁੱਲ ਆਦਿ ਬੀਜਣ ਲਈ ਕਈ ਤਰ੍ਹਾਂ ਦੇ ਮਨਮੋਹਕ ਰੰਗਾਂ ਵਿਚ ਗਮਲੇ, ਫੁੱਲਦਾਨ ਅਤੇ ਹੋਰ ਘਰੇਲੂ ਸਜਾਵਟ ਦੇ ਸਾਮਾਨ ਬਣਾਉਣ ਦਾ ਧੰਦਾ ਅਪਣਾ ਲਿਆ ਹੈ, ਜੋ ਬੜਾ ਲਾਹੇਵੰਦ ਸਾਬਤ ਹੋ ਰਿਹਾ ਹੈ। ਘੁਮਿਆਰਾਂ ਦਾ ਕੰਮ ਬਾਹਰਲੇ ਦੇਸ਼ਾਂ ਵਿਚ ਹੀ ਹੁੰਦਾ ਹੈ। ਰੂਸ ਦੇਸ਼ ਦਾ ਵਰਤਮਾਨ ਰਾਸ਼ਟਰਪਤੀ ਸ੍ਰੀ ਪੂਤਨ ਵੀ ਉਥੋਂ ਦੇ ਘੁਮਿਆਰ ਭਾਈਚਾਰੇ ਨਾਲ ਸੰਬੰਧਤ ਹੈ।
1881 ਈ. ਦੀ ਜਨਗਣਨਾ ਅਨੁਸਾਰ ਪੰਜਾਬ ਵਿਚ ਇਨ੍ਹਾਂ ਦੀ ਆਬਾਦੀ 486025 ਸੀ। ਸਭ ਤੋਂ ਵੱਧ ਜ਼ਿਲ੍ਹਾ ਲਾਹੌਰ ਵਿਚ 31524, ਸਿਆਲਕੋਟ ਵਿਚ 29713, ਅੰਮ੍ਰਿਤਸਰ 29175, ਗੁੱਜਰਾਂਵਾਲਾ 26931, ਪਟਿਆਲਾ ਰਿਆਸਤ ਵਿਚ 27464 ਅਤੇ ਮਿੰਟਗੁਮਰੀ ਵਿਚ 17865 ਸੀ ।
Credit – ਕਿਰਪਾਲ ਸਿੰਘ ਦਰਦੀ